ਮਾਤ ਭਾਸ਼ਾ ਪੰਜਾਬੀ ਨੂੰ ਪ੍ਰਫੁੱਲਿਤ ਲਈ ਕਰਨ ‘ਆਓ ਅਦਬ ਦੀ ਬਾਤ ਪਾਈਏ’ ਸੈਮੀਨਾਰ

– ਮਾਤ ਭਾਸ਼ਾ ਜਿਹੀ ਵਿਰਾਸਤ ਨੂੰ ਸੰਭਾਲਣਾ ਬੇਹੱਦ ਜ਼ਰੂਰੀ: ਪ੍ਰੋ. ਹਰਪਾਲ ਸਿੰਘ ਪੰਨੂ
ਬਰਨਾਲਾ, 16 ਸਤੰਬਰ  :- 
”ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਗਭਗ 30 ਹਜ਼ਾਰ ਕਿਲੋਮੀਟਰ ਸੱਚ ਦਾ ਹੋਕਾ ਦੇਣ ਲਈ ਸਫ਼ਰ ਕੀਤਾ। ਇਸ ਸਫ਼ਰ ਜਿਹੜੀ ਚੀਜ਼ ਉਨ੍ਹਾਂ   ਆਪਣੇ ਨਾਲ ਲਿਜਾਣ ਲਈ ਚੁੱਕੀ ਅਤੇ ਨਾ ਹੀ ਇਸਨੂੰ ਕਦੇ ਆਪਣੇ ਤੋਂ ਵੱਖ ਹੋਣ ਦਿੱਤਾ, ਉਹ ਸੀ ਕਲਮ, ਦਵਾਤ ਅਤੇ ਕਾਪੀ। ਉਨ੍ਹਾਂ ਨੇ ਸਭ ਕੁਝ ਤਿਆਗ ਕੇ ਸਿਰਫ ਕਲਮ ਨੂੰ ਹੀ ਪਿਆਰ ਕੀਤਾ। ਇਹ ਹੀ ਉਨ੍ਹਾਂ  ਦੀ ਕਿਰਤ ਸੀ। ਸਾਨੂੰ ਅੱਜ ਉਨ੍ਹਾਂ  ਦੀ ਪਾਈ ਪਿਰਤ ‘ਤੇ ਚੱਲ ਕੇ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ।” ਇਸ ਸ਼ਬਦ ਮਾਤ ਭਾਸ਼ਾ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਬਰਨਾਲਾ ਦੇ ਤਰਕਸ਼ੀਲ ਭਵਨ ਵਿੱਚ ‘ਆਓ ਅਦਬ ਦੀ ਬਾਤ ਪਾਈਏ’ ਥੀਮ ਤਹਿਤ ਕਰਵਾਏ ਗਏ ਸੈਮੀਨਾਰ ਦੌਰਾਨ ਲੇਖਕ  ਪ੍ਰੋ. ਹਰਪਾਲ ਸਿੰਘ ਪੰਨੂ ਨੇ ਕਹੇ।
  ਇਸ ਮੌਕੇ ਉਨ੍ਹਾਂ ਆਪਣੇ ਜੀਵਨ ਵਿੱਚ ਆਈਆਂ ਔਕੜਾਂ ਨੂੰ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ  ਦਾ ਬਚਪਨ ਗ਼ਰੀਬੀ ਤੇ ਕਰਜੇ ਦੇ ਬੋਝ ਵਿੱਚ ਝੰਬੇ ਇਕ ਸਾਧਾਰਨ ਕਿਸਾਨ ਪਰਿਵਾਰ ਵਿੱਚ ਲੰਘਿਆ। ਸਿਰਫ਼ ਚਿੱਠੀ ਪੱਤਰ ਆਦਿ ਪੜ੍ਹਨ ਲਿਖਣ ਲਈ ਹੀ ਉਸਦੇ ਪਿਤਾ ਨੇ ਉਸਨੂੰ ਸਕੂਲ ਭੇਜਿਆ, ਲੇਕਿਨ ਕਿਤਾਬਾਂ ਨਾਲ ਪਿਆਰ ਪੈ ਗਿਆ ਤੇ ਅਗਲੇਰੀ ਸਕੂਲੀ ਪੜ੍ਹਾਈ ਚੱਲਦੀ ਰੱਖਣ ਲਈ ਸਿਰਫ ਇਸ ਸ਼ਰਤ ‘ਤੇ ਮੈਨੂੰ ਪੰਜਵੀਂ ਜਮਾਤ ਵਿੱਚ ਦਾਖ਼ਲ ਕਰਵਾਇਆ ਗਿਆ ਕਿ ਸਾਰੀ ਜਮਾਤ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਉਨ੍ਹਾਂ ਨੇ ਇੰਨੀ ਲਗਨ ਨਾਲ ਪੜ੍ਹਾਈ ਕੀਤੀ ਕਿ ਯੂਨੀਵਰਸਿਟੀ ਤੱਕ ਅੱਵਲ ਸਥਾਨ ਪ੍ਰਾਪਤ ਕੀਤਾ। ਇਹ ਸਭ ਕਿਤਾਬਾਂ ਨਾਲ ਪਿਆਰ ਹੋਣ ਕਰਕੇ ਹੀ ਸੰਭਵ ਹੋ ਸਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ  ਨੂੰ ਇਸ ਮੁਕਾਮ ‘ਤੇ ਪਹੁੰਚਾਉਣ ਵਿੱਚ ਮਾਂ ਦਾ ਸਭ ਤੋਂ ਵੱਡਾ ਹੱਥ ਰਿਹਾ। ਉਨ੍ਹਾਂ  ਨੇ ਸੈਮੀਨਾਰ ਵਿੱਚ ਆਏ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਤੇ ਲਾਇਬ੍ਰੇਰੀਅਨ ਸਾਹਿਬਾਨ ਨੂੰ ਕਿਹਾ ਕਿ ਸਭ ਤੋਂ ਪਹਿਲਾ ਆਪਣੀ ਭਾਸ਼ਾ ਨਾਲ ਪਿਆਰ ਕਰੋ ਤੇ ਸਾਹਿਤਕ ਰਚਨਾਵਾਂ ਦਾ ਵੱਧ ਤੋਂ ਵੱਧ ਅਧਿਐਨ ਕਰੋ।
 ਪ੍ਰੋਫ਼ੈਸਰ ਪੰਨੂ ਨੇ ਆਪਣੀਆਂ ਲਿਖਤਾਂ, ਹੋਰ ਮਹਾਨ ਲੇਖਕਾਂ ਤੇ ਵਿਦਵਾਨਾਂ ਦੀ ਜੀਵਨੀ ‘ਤੇ ਝਾਤ ਮਾਰੀ ਅਤੇ ਸਾਡੇ ਪੁਰਾਤਨ ਵੇਦਾਂ, ਗ੍ਰੰਥਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਭਾਸ਼ਣ ਸਮਾਪਤੀ ਤੋਂ ਬਾਅਦ ਉਨ੍ਹਾਂ ਨੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅੰਤ ਵਿੱਚ ਉਨ੍ਹਾਂ ਨੇ ਇੱਕ ਚੰਗੇ ਸਰੋਤੇ, ਚੰਗੇ ਪਾਠਕ ਬਣਨ ਅਤੇ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ।
 ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਪ੍ਰੋ. ਹਰਪਾਲ ਸਿੰਘ ਪੰਨੂ ਦਾ ਧੰਨਵਾਦ ਕਰਦਿਆ ਕਿਹਾ ਕਿ ਅਸੀਂ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਦੇ ਰਹਾਂਗੇ। ਸੈਮੀਨਾਰ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਅਸੀਂ ਆਪਣੀ ਮਾਤ ਭਾਸ਼ਾ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਾਂ, ਅੰਗਰੇਜ਼ੀ ਭਾਸ਼ਾ ਬੋਲਣ ਵਾਲੇ ਨੂੰ ਹਮੇਸ਼ਾ ਹੁਸ਼ਿਆਰ ਸਮਝਿਆ ਜਾਂਦਾ ਹੈ। ਸਾਨੂੰ ਆਪਣੀ ਇਹ ਮਾਨਸਿਕਤਾ ਬਦਲਣ ਦੀ ਲੋੜ ਹੈ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ, ਮਾਸਟਰ ਰਾਜਪਾਲ ਸਿੰਘ, ਜ਼ਿਲ੍ਹਾ ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ, ਪ੍ਰਿੰਸੀਪਲ ਹਰੀਸ਼ ਬਾਂਸਲ, ਸਟੇਜ ਸੰਚਾਲਕ ਡਾ. ਪ੍ਰਗਟ ਸਿੰਘ ਟਿਵਾਣਾ, ਲੈਕਚਰਾਰ ਦਲਵੀਰ ਸਿੰਘ, ਬਬਲਜੀਤ ਸਿੰਘ, ਲਖਵੀਰ ਸਿੰਘ ਧਨੇਸਰ, ਲੈਕਚਰਾਰ ਮੈਡਮ ਇਸ਼ਰਤ ਭੱਠਲ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਦੀ ਟੀਮ ਹਾਜ਼ਰ ਰਹੀ।