ਤੰਬਾਕੂ ਹੈ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੇ ਕੈਂਸਰ ਦਾ ਮੁੱਖ ਕਾਰਨ : ਸਿਹਤ ਕਰਮਚਾਰੀ

— ਤੰਬਾਕੂ ਵਿਰੋਧੀ ਦਿਵਸ ਮੌਕੇ ਲੋਕਾਂ ਨੂੰ ਕੀਤਾ ਤੰਬਾਕੂ ਪ੍ਰਤੀ ਜਾਗਰੂਕ

ਫਾਜ਼ਿਲਕਾ 01 ਨਵੰਬਰ :-

ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤੇ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਪੰਜਾਬ ਰਾਜ ਤੰਬਾਕੂ ਵਿਰੋਧੀ ਦਿਵਸ ਮੌਕੇ ਪਿੰਡ ਜੰਡਵਾਲਾ ਭੀਮੇਸ਼ਾਹ ਦੇ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਸੌਂਹ ਚੁਕਵਾਈ ਗਈ। ਇਸ ਮੌਕੇ ਸਟਾਫ ਵਲੋਂ ਪਿੰਡ ਵਾਸੀਆਂ ਨੂੰ ਤੰਬਾਕੂ ਤੋਂ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਬਲਾਕ ਐਕਸਟੈਂਸ਼ਨ ਐਜੁਕੇਟਰ ਹਰਮੀਤ ਸਿੰਘ ਨੇ ਦੱਸਿਆ ਕਿ ਤੰਬਾਕੂਨੋਸ਼ੀ ਚਾਹੇ ਉਹ ਕਿਸੇ ਵੀ ਤਰ੍ਹਾਂ ਕੀਤੀ ਜਾਵੇ, ਜਿਵੇਂ ਚਬਾ ਕੇ ਜਾਂ ਬੀੜੀ ਸਿਗਰੇਟ ਜਾ ਕਿਸੇ ਹੋਰ ਰੂਪ ਵਿੱਚ ਸੇਵਨ ਕੀਤੀ ਜਾਵੇ ਇਸਦਾ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਸਭ ਤੋਂ ਵੱਡਾ ਮੂੰਹ ਦੇ ਕੈਂਸਰ ਦਾ ਕਾਰਨ ਹੀ ਤੰਬਾਕੂ ਨੋਸ਼ੀ ਹੈ।
ਕਿਉਂਕਿ ਤੰਬਾਕੂ ਵਿਚ ਕੈਂਸਰ ਪੈਦਾ ਕਰਨ ਵਾਲੇ ਕਾਰਕ ਬਹੁਤ ਜ਼ਿਆਦਾ ਹੁੰਦੇ ਹਨ ਇਸ ਕਰਕੇ ਮੂੰਹ ਦਾ, ਗਲੇ ਦਾ ਅਤੇ ਫੇਫੜਿਆਂ ਤੱਕ ਵੀ ਤੰਬਾਕੂ ਕਰਕੇ ਕੈਂਸਰ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ। ਇਸਦੇ ਨਾਲ ਹੀ ਤੰਬਾਕੂਨੋਸ਼ੀ ਕਰਕੇ ਜੋ ਤੰਬਾਕੂ ਦਾ ਸੇਵਨ ਨਹੀਂ ਕਰਦੇ ਉਹਨਾਂ ਤੇ ਵੀ ਇਸਦਾ ਬਹੁਤ ਮਾੜਾ ਅਸਰ ਪੈਂਦਾ ਹੈ। ਖਾਸ ਕਰਕੇ ਬੱਚਿਆਂ ਅਤੇ ਔਰਤਾਂ ਉਪਰ। ਮਲਟੀਪਰਪਜ ਹੈਲਥ ਸੁਪਰਵਾਈਜਰ ਸੁਮਨ ਕੁਮਾਰ ਤੇ ਮਲਟੀਪਰਪਜ ਹੈਲਥ ਵਰਕਰ ਸੁਧੀਰ ਕੁਮਾਰ ਨੇ ਕਿਹਾ ਕਿ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨਾ ਕਾਨੂੰਨੀ ਤੌਰ ਤੇ ਜੁਰਮ ਹੈ। ਟੀਬੀ ਰੋਗ ਵੀ ਤੰਬਾਕੂ ਸੇਵਨ ਕਰਨ ਵਾਲਿਆਂ ਨੂੰ ਜ਼ਿਆਦਾ ਹੁੰਦਾ ਹੈ। ਇਸੇ ਕਰਕੇ ਸਾਰੀਆਂ ਸਿਹਤ ਸੰਸਥਾਵਾਂ ਨੂੰ ਤੰਬਾਕੂਨੋਸ਼ੀ ਰਹਿਤ ਖੇਤਰ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤੰਬਾਕੂਨੋਸ਼ੀ ਇਕ ਸਮਾਜਿਕ ਅਭਿਸ਼ਾਪ ਬਣ ਗਿਆ ਹੈ ਜੋ ਹਰ ਕਿਸੇ ਤੇ ਅਪਣਾ ਬੁਰਾ ਪ੍ਰਭਾਵ ਪਾਉਂਦਾ ਹੈ। ਬਲਾਕ ਐਜੁਕੇਟਰ ਹਰਮੀਤ ਸਿੰਘ ਨੇ ਦੱਸਿਆ ਕਿ 7 ਨਵੰਬਰ ਤੱਕ ਜਾਗਰੁਕਤਾ ਮੁਹਿੰਮ ਦੇ ਨਾਲ-ਨਾਲ ਲੋਕਾਂ ਦੇ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਲਈ ਜੁਰਮਾਨੇ ਵੀ ਕੀਤੇ ਜਾਣਗੇ।