ਵੋਟਰ ਜਾਗਰੂਕਤਾ ਸਬੰਧੀ ਚੋਣ ਸਾਖ਼ਰਤਾ ਕਲੱਬਾਂ ਦੇ ਮੈਂਬਰਾਂ ਵੱਲੋਂ ਰਿਲੇਅ ਦੌੜ 14 ਨੂੰ

ਨਵਾਂਸ਼ਹਿਰ, 12 ਨਵੰਬਰ :
ਅਗਾਮੀ ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 14 ਨਵੰਬਰ 2021 ਨੂੰ ਬਾਲ ਦਿਵਸ ਦੇ ਮੌਕੇ ਸਵੇਰੇ 11 ਵਜੇ ਜ਼ਿਲੇ ਅਧੀਨ ਆਉਂਦੇ ਸਾਰੇ ਚੋਣ ਹਲਕਿਆਂ ਵਿਚ ਚੋਣ ਸਾਖ਼ਰਤਾ ਕਲੱਬਾਂ ਦੇ ਮੈਂਬਰਾਂ ਵੱਲੋਂ ਇਕ ਰਿਲੇਅ ਦੌੜ ਕੀਤੀ ਜਾਵੇਗੀ, ਜਿਸ ਵਿਚ ਚੋਣ ਸਾਖ਼ਰਤਾ ਕਲੱਬਾਂ ਦੇ ਮੈਂਬਰ ਹੱਥਾਂ ਵਿਚ ਤਖ਼ਤੀਆਂ ਫੜ ਕੇ ‘ਵੋਟ ਬਣਵਾਓ ਵੀ ਤੇ ਵੋਟ ਪਾਓ ਵੀ’ ਦਾ ਸੱਦਾ ਦੇਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਬੰਗਾ ਹਲਕੇ ਵਿਚ ਇਹ ਰਿਲੇਅ ਦੌੜ ਚਰਨ ਕੰਵਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਤੋਂ ਸ਼ੁਰੂ ਹੋ ਕੇ ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੰਗਾ ਤੱਕ ਜਾਵੇਗੀ ਜਦਕਿ ਵਿਧਾਨ ਸਭਾ ਚੋਣ ਹਲਕਾ ਨਵਾਂਸ਼ਹਿਰ ਵਿਖੇ ਇਹ ਰਿਲੇਅ ਦੌੜ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਤੋਂ ਆਈ. ਟੀ. ਆਈ ਗਰਾਊਂਡ ਨਵਾਂਸ਼ਹਿਰ ਤੱਕ ਜਾਵੇਗੀ ਅਤੇ ਵਿਧਾਨ ਸਭਾ ਚੋਣ ਹਲਕਾ ਬਲਾਚੌਰ ਵਿਖੇ ਇਹ ਰਿਲੇਅ ਦੌੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ ਤੋਂ ਸਰਕਾਰੀ ਮਿਡਲ ਸਕੂਲ ਸਿਆਣਾ ਤੱਕ ਜਾਵੇਗੀ। ਉਨਾਂ ਕਿਹਾ ਕਿ ਦੌੜ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਜ਼ਿਲਾ ਚੋਣ ਦਫ਼ਤਰ ਵੱਲੋਂ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਵੀਪ ਤਹਿਤ ਕਰਵਾਈਆਂ ਜਾ ਰਹੀਆਂ ਅਜਿਹੀਆਂ ਗਤੀਵਿਧੀਆਂ ਦਾ ਮਕਸਦ ਵਿਦਿਆਰਥੀਆਂ ਅਤੇ ਆਮ ਵੋਟਰਾਂ ਵਿਚ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।