ਖਾਨਾਪੂਰਤੀ ਹੈ ਟਾਸਕ ਫੋਰਸ, ਮੰਡੀ ਮਾਫ਼ੀਆ ‘ਚ ਸ਼ਾਮਲ ਹਨ ਕਾਂਗਰਸੀ ਮੰਤਰੀ ਤੇ ਵਿਧਾਇਕ- ਕੁਲਤਾਰ ਸਿੰਘ ਸੰਧਵਾਂ
ਬਠਿੰਡਾ, 24 ਅਕਤੂਬਰ 2020
ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਬਾਹਰੀ ਰਾਜਾਂ ਤੋਂ ਪੰਜਾਬ ਦੀਆਂ ਮੰਡੀਆਂ ‘ਚ ਵੱਡੀ ਪੱਧਰ ‘ਤੇ ਵਿਕਣ ਆ ਰਹੇ ਝੋਨੇ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਸਪੈਸ਼ਲ ਟਾਸਕ ਫੋਰਸ ਨੂੰ ਮਹਿਜ਼ ਖਾਨਾਪੂਰਤੀ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਗੋਰਖ-ਧੰਦੇ ‘ਚ ਸੱਤਾਧਾਰੀ ਕਾਂਗਰਸ ਦੇ ਆਗੂਆਂ, ਵਿਧਾਇਕਾਂ ਅਤੇ ਮੰਤਰੀਆਂ ਦੇ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ ਅਤੇ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਅਸਤੀਫ਼ਾ ਮੰਗਿਆ ਹੈ।
ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਅੰਤਰਰਾਜੀ ਮੰਡੀ ਮਾਫ਼ੀਆ ‘ਚ ਪੰਜਾਬ ਦੇ ਕਾਂਗਰਸੀ ਆਗੂ, ਵਿਧਾਇਕ ਅਤੇ ਮੰਤਰੀ ਖ਼ੁਦ ਸ਼ਾਮਲ ਹਨ ਅਤੇ ਇਸ ਧੰਦੇ ਨੂੰ ਸਰਕਾਰੀ ਸਰਪ੍ਰਸਤੀ ਹੇਠ ਸ਼ਰਾਬ ਅਤੇ ਰੇਤ ਮਾਫ਼ੀਆ ਵਾਂਗ ਪੂਰੇ ਸੰਗਠਨਾਤਮਕ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਪਟਿਆਲਾ ਪਨਸਪ ਦੇ ਜ਼ਿਲ੍ਹਾ ਮੈਨੇਜਰ ਦੀ ਵਟਸਐਪ ਚੈਟ ਨੇ ਸਬੂਤਾਂ ਸਾਹਿਤ ਇੱਥੋਂ ਤੱਕ ਪੁਸ਼ਟੀ ਕਰ ਦਿੱਤੀ ਹੈ ਕਿ ਕਿਸਾਨਾਂ ਦਾ ਖ਼ੂਨ ਚੂਸ ਕੇ ਕੀਤੀ ਜਾ ਰਹੀ ਅੰਨ੍ਹੀ ਲੁੱਟ ਦਾ ਹਿੱਸਾ ਭਾਰਤ ਭੂਸ਼ਨ ਆਸ਼ੂ ਵਰਗੇ ਮੰਤਰੀਆਂ ਕਾਂਗਰਸੀ ਯੁਵਰਾਜ ਰਾਹੁਲ ਗਾਂਧੀ ਤੱਕ ਵੀ ਜਾਂਦਾ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ”ਅੱਧੇ ਤੋਂ ਵੱਧ ਸੀਜ਼ਨ ਲੰਘ ਗਿਆ ਹੈ। ਮਾਫ਼ੀਆ ਕੋਲੋਂ ਮਿਲਦੇ ਮੋਟੇ ਕਮਿਸ਼ਨ ਕਾਰਨ ਸਰਕਾਰੀ ਤੰਤਰ ਨੇ ਅੱਖਾਂ ਮੀਟੀਆਂ ਹੋਈਆਂ ਸਨ। ਹੁਣ ਜਦ ਕਿਸਾਨਾਂ ਨੇ ਆਪਣੇ ਹਿਤਾਂ ਲਈ ਬਾਹਰਲੇ ਟਰੱਕ ਖ਼ੁਦ ਘੇਰਨੇ ਸ਼ੁਰੂ ਕਰ ਦਿੱਤੇ ਤਾਂ ਸਰਕਾਰ ਨੇ ਜ਼ਿਲ੍ਹਾ ਟਾਸਕ ਫੋਰਸਾਂ ਦੇ ਗਠਨ ਦਾ ਡਰਾਮਾ ਕਰ ਦਿੱਤਾ।”
ਸੰਧਵਾਂ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨਲਾਇਕੀਆਂ ਅਤੇ ਪ੍ਰਬੰਧ ਹੀਣਤਾ ਕਾਰਨ ਜਿੱਥੇ ਯੂ.ਪੀ-ਬਿਹਾਰ ਦੇ ਕਿਸਾਨਾਂ ਦਾ ਵਿਚੋਲੀਏ ਸੱਤਾਧਾਰੀ ਸਿਆਸਤਦਾਨਾਂ ਨਾਲ ਮਿਲ ਕੇ ਸ਼ੋਸ਼ਣ ਕਰ ਰਹੇ ਹਨ, ਉੱਥੇ ਯੂ.ਪੀ.-ਬਿਹਾਰ ਤੋਂ ਅੱਧੇ ਮੁੱਲ ਖ਼ਰੀਦੇ ਝੋਨੇ ਨੂੰ ਪੰਜਾਬ ‘ਚ ਐਮਐਸਪੀ ‘ਤੇ ਵੇਚ ਕੇ ਪੰਜਾਬ ਦੇ ਕਿਸਾਨਾਂ ਦੇ ਹਿਤਾਂ ‘ਤੇ ਡਾਕੇ ਮਾਰੇ ਜਾ ਰਹੇ ਹਨ। ਸੰਧਵਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਦੇ ਝੋਨੇ ਦੀ ਖ਼ਰੀਦ ਲਈ ਜਾਰੀ ਹੋਈ ਕੈਸ਼ ਕਰੈਡਿਟ ਲਿਮਟ (ਸੀਸੀਐਲ) ਨੂੰ ਇਸ ਮਾਫ਼ੀਆ ਨੇ ਪਹਿਲਾਂ ਹੀ ਖ਼ਤਮ ਕਰ ਦਿੱਤਾ ਤਾਂ ਪੰਜਾਬ ਦੇ ਕਿਸਾਨਾਂ ਦੇ ਪਿਛੇਤੇ ਝੋਨੇ ਦੀ ਖ਼ਰੀਦ ਕੌਣ ਕਰੇਗਾ।
ਸੰਧਵਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਭਾਰਤ ਭੂਸ਼ਨ ਆਸ਼ੂ ਨੂੰ ਤੁਰੰਤ ਬਰਖ਼ਾਸਤ ਕਰਕੇ ਇਸ ਧੰਦੇ ‘ਚ ਸ਼ਾਮਲ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਵਜ਼ੀਰਾਂ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਜਾਂਚ ਕਰਵਾਉਣ, ਕਿਉਂਕਿ ਇਸ ‘ਚ ਰਾਹੁਲ ਗਾਂਧੀ ਤੱਕ ਦਾ ਨਾਮ ਵੱਜ ਗਿਆ ਹੈ।

English






