ਕਿਸਾਨਾਂ ਨੂੰ ਆਈ ਖੇਤ ਐਪ ਰਾਹੀਂ ਆਨਲਾਈਨ ਮਸ਼ੀਨਰੀ ਕਿਰਾਏ ਉਤੇ ਲੈਣ ਲਈ ਪ੍ਰੇਰਿਆ

ਕਿਸਾਨਾਂ
ਕਿਸਾਨਾਂ ਨੂੰ ਆਈ ਖੇਤ ਐਪ ਰਾਹੀਂ ਆਨਲਾਈਨ ਮਸ਼ੀਨਰੀ ਕਿਰਾਏ ਉਤੇ ਲੈਣ ਲਈ ਪ੍ਰੇਰਿਆ
ਪਰਾਲੀ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਾਇਆ ਜ਼ਿਲ੍ਹਾ ਪੱਧਰੀ ਕੈਂਪ
ਮੋਹਾਲੀ, 8 ਅਕਤੂਬਰ 2021
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕਿ੍ਰਸ਼ੀ ਵਿਗਿਆਨ ਕੇਂਦਰ ਦੇ ਸਾਂਝੇ ਉਪਰਾਲਿਆਂ ਨਾਲ ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ ਫ਼ੇਜ਼-7 ਇੰਡਸਟਰੀਅਲ ਏਰੀਆ ਐਸ.ਏ.ਐਸ.ਨਗਰ ਵਿਖੇ ਪਰਾਲੀ ਪ੍ਰਬੰਧਨ ਬਾਰੇ ਜ਼ਿਲ੍ਹਾ ਪੱਧਰੀ ਕੈਂਪ ਲਾਇਆ ਗਿਆ।
ਕੈਂਪ ਵਿੱਚ ਪਰਾਲੀ ਤੋਂ ਬਣੇ ਉਤਪਾਦਾਂ, ਫੂਡ ਪ੍ਰੋਸੈਸਿੰਗ, ਬਾਇਓ ਫਿਊਲ ਪਸ਼ੂਆਂ ਲਈ ਪੌਸ਼ਟਿਕ ਮਿਨਰਲ ਮਿਕਚਰ ਆਦਿ ਦਾ ਕਿਸਾਨਾਂ ਨੂੰ ਪ੍ਰਦਰਸ਼ਨੀ ਵਿੱਚ ਸਵੈ ਰੋਜ਼ਗਾਰ ਅਤੇ ਪੌਸ਼ਟਿਕ ਪਸ਼ੂ ਆਹਾਰ ਦੇਣ ਲਈ ਪ੍ਰਦਰਸ਼ਨੀ ਲਾਈ ਗਈ। ਮੇਲੇ ਵਿੱਚ ਮੁੱਖ ਮਹਿਮਾਨ ਡਾ. ਇੰਦਰਜੀਤ ਸਿੰਘ, ਉਪ ਕੁਲਪਤੀ ਗੁਰੂ ਅੰਗਦ ਦੇਵ ਪਸ਼ੂ ਪਾਲਣ ਯੂਨੀਵਰਸਿਟੀ  ਲੁਧਿਆਣਾ ਨੇ ਦੱਸਿਆ ਕਿ ਪਰਾਲੀ ਦੇ ਧੂੰਏਂ ਦਾ ਖਾਸ ਤੌਰ ਉਤੇ ਗਰਭਵਤੀ ਔਰਤਾਂ ਅਤੇ 36 ਮਹੀਨਿਆਂ ਤੱਕ ਦੇ ਬੱਚੇ ਦੇ ਵਿਕਾਸ ਉਤੇ ਮਾੜਾ ਪ੍ਰਭਾਵ ਪੈਂਦਾ ਹੈ।
ਸੀਨੀਅਰ ਐਡਵਾਈਜ਼ਰ ਡਾ. ਜੇ.ਐਸ. ਸਮਰਾ ਕਰਿੱਡ ਵੱਲੋਂ ਦੱਸਿਆ ਗਿਆ ਕਿ ਪਰਾਲੀ ਦੇ ਧੂੰਏ ਨਾਲ ਹਾਈਪੋਕਸੀਆ ਨਾਂ ਦੀ ਬਿਮਾਰੀ ਲੱਗਦੀ ਹੈ, ਜਿਸ ਨਾਲ ਦਿਮਾਗ ਵਿੱਚ ਸੈੱਲ ਮਰ ਜਾਂਦੇ ਹਨ ਅਤੇ ਇਹ ਦੁਬਾਰਾ ਜੀਵਤ ਨਹੀਂ ਹੁੰਦੇ। ਇਸ ਤਰ੍ਹਾਂ ਬੱਚੇ ਦੇ ਵਿਕਾਸ ਲਈ ਇਹ ਇਕ ਘਾਤਕ ਸਿੱਧ ਹੋਇਆ ਹੈ।ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਕੁੱਲ 567 ਮਸ਼ੀਨਾਂ ਐਕਸ ਸੀਟੂ ਅਤੇ ਇਨ ਸੀਟੂ ਉਪਲਬਧ ਹਨ। ਇਨ੍ਹਾਂ ਵਿੱਚ 303 ਮਸ਼ੀਨਾਂ ਸਹਿਕਾਰੀ ਸਭਾਵਾਂ ਕੋਲ ਹਨ।
ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਤੋਂ ਛੋਟੇ ਅਤੇ ਸੀਮਾਂਤ ਕਿਸਾਨ ਇਹ ਮਸ਼ੀਨਰੀ ਆਈ ਖੇਤ ਐਪ ਉਤੇ ਆਨਲਾਇਨ ਬੁੱਕ ਕਰ ਸਕਦੇ ਹਨ। ਇਸ ਤਰ੍ਹਾਂ ਛੋਟੇ ਕਿਸਾਨਾਂ ਨੂੰ ਪਰਾਲੀ ਸੰਭਾਲ ਵਿੱਚ ਉਚੇਚੇ ਤੌਰ ਉਤੇ ਮੁਫ਼ਤ ਮਸ਼ੀਨ ਦੀ ਸੁਵਿਧਾ ਸਰਕਾਰ ਵੱਲੋਂ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਿਸਾਨ ਵੀਰ ਹਾੜ੍ਹੀ ਦੌਰਾਨ ਖਾਦ, ਦਵਾਈ ਅਤੇ ਬੀਜਾਂ ਦੇ ਬਿਲ ਲਾਜ਼ਮੀ ਲੈਣ। ਇਸ ਤਰ੍ਹਾਂ ਡੀਲਰਾਂ ਵੱਲੋਂ ਅਸਲ ਇਨਪੁਟਸ ਉਨ੍ਹਾਂ ਨੂੰ ਉਪਲਬੱਧ ਹੋਵੇਗਾ ਅਤੇ ਜੇ ਕਿਸੇ ਇਨਪੁਟ ਦੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਦਾ ਸੈਂਪਲ ਲੈ ਕੇ ਉਸ ਨੂੰ ਟੈੇਸਟ ਵੀ ਕਰਵਾਇਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਮਿਆਰੀ ਖਾਦ, ਬੀਜ ਦਵਾਈਆਂ ਉਪਲਬਧ ਹੋ ਸਕਣ। ਉਨ੍ਹਾਂ ਖਾਦ ਡੀਲਰਾਂ ਨੂੰ ਚਿਤਾਵਨੀ ਦਿੱਤੀ ਕਿ ਡੀ.ਏ.ਪੀ. ਜਾਂ ਯੂਰੀਆ ਨਾਲ ਕੋਈ ਵੀ ਦਵਾਈ ਜੋੜ ਕੇ ਨਾ ਦਿੱਤੀ ਜਾਵੇ। ਅਜਿਹਾ ਕਰਨ ਤੇ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਕਿ੍ਰਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਪਬੰਧਨ ਲਈ ਉਨ੍ਹਾਂ ਵੱਲੋਂ ਵੀ ਕੁੱਝ ਪਿੰਡ ਗੋਦ ਲਏ ਗਏ ਹਨ ਅਤੇ ਮਸ਼ੀਨਰੀ ਦੀ ਵਰਤੋਂ ਦੀ ਪ੍ਰਦਰਸ਼ਨੀ ਪਲਾਟਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ। ਡਾ. ਨਵਜੋਤ ਸਿੰਘ ਨੇ ਹਾੜ੍ਹੀ ਦੌਰਾਨ ਕਣਕ ਦੇ ਬੀਜਾਂ ਨਦੀਨਾਂ ਦੀ ਰੋਕਥਾਮ ਅਤੇ ਬੀਜ ਸੋਧ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਪਿੰਡ ਪਿੰਡ ਪਬਲੀਸਿਟੀ ਵੈਨ, ਵਾਲ ਪੇਂਟਿੰਗ ਅਤੇ ਗੁਰਦੁਆਰਿਆਂ ਤੋਂ ਲਾਊਡ ਸਪੀਕਰ ਰਾਹੀਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ।