ਧਾਰੀਵਾਲ ਗੋਲੀਬਾਰੀ ਦੀ ਘਟਨਾ ਦੇ ਮੱਦੇਨਜ਼ਰ ਪੰਜਾਬ ਦੇ ਡੀ.ਜੀ.ਪੀ. ਵੱਲੋਂ ਸੂਬੇ ‘ਚ ਸੁਰੱਖਿਆ, ਕਾਨੂੰਨ ਤੇ ਵਿਵਸਥਾ ਦੀ ਸਮੀਖਿਆ

ਸੀ.ਪੀਜ਼ ਅਤੇ ਐਸ.ਐਸ.ਪੀਜ਼ ਨੂੰ ਸੂਬੇ ਭਰ ਵਿੱਚ ਸੁਰੱਖਿਆ ਵਧਾਉਣ ਲਈ ਕਿਹਾ

ਚੰਡੀਗੜ੍ਹ, 11 ਫਰਵਰੀ : ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਧਾਰੀਵਾਲ ਵਿਖੇ ਸੋਮਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲੈਂਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਅੱਜ ਸੂਬੇ ਭਰ ‘ਚ ਸੁਰੱÎਖਿਆ ਅਤੇ ਕਾਨੂੰਨ ਤੇ ਵਿਵਸਥਾ ਦੀ ਸਮੀਖਿਆ ਕੀਤੀ ਗਈ।

ਸਮੂਹ ਰੇਂਜਾਂ ਦੇ ਆਈ.ਜੀ., ਪੁਲਿਸ ਕਮਿਸ਼ਨਰਾਂਅਤੇ ਸੀਨੀਅਰ ਸੁਪਰਡੈਂਟਸ ਆਫ਼ ਪੁਲਿਸ ਦੇ ਨਾਲ ਇੱਕ ਵੀਡੀਓ ਕਾਨਫ਼ਰੰਸ ਦੌਰਾਨ ਦਿਨਕਰ ਗੁਪਤਾ ਨੇ ਸੁਰੱਖਿਆ ਨਾਲ ਜੁੜੇ ਵੱਖ-ਵੱਖੇ ਪਹਿਲੂਆਂ ਅਤੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਅਤੇ ਉੱਚ ਦ੍ਰਿਸ਼ਟਤਾ ਪੁਲਿਸਿੰਗ, ਏਰੀਆ ਡੌਮੀਨੇਸ਼ਨ ਆਪਰੇਸ਼ਨਜ਼ ਵਿੱਚ ਤੇਜ਼ੀ ਲਿਆਉਣ, ਸ਼ੱਕੀ ਵਾਹਨਾਂ ਦੀ ਜਾਂਚ, ਜ਼ਿਲ੍ਹਿਆਂ ਦੀਆਂ ਗਸ਼ਤ ਅਤੇ ਤਾਇਨਾਤੀ ਸਬੰਧੀ ਯੋਜਨਾਵਾਂ, ਪੀਸੀਆਰ, ਰੂਰਲ ਰੈਪਿਡ ਪੁਲਿਸ ਰਿਸਪਾਂਸ (ਆਰ.ਆਰ.ਪੀ.ਆਰ.ਐਸ.) ਵਾਹਨਾਂ ਅਤੇ ਗਸ਼ਤ ਕਰਨ ਲਈ ਵਰਤੇ ਜਾਂਦੇ ਹੋਰ ਵਾਹਨਾਂ ਨੂੰ ਕਾਰਜ ਵਿੱਚ ਲਗਾਉਣ ਦੇ ਹੁਕਮ ਦਿੱਤੇ।

ਡੀਜੀਪੀ ਨੇ ਪਿਛਲੇ ਦਿਨੀਂ ਗੁੰਡਾਗਰਦੀ ਦੇ ਅਪਰਾਧਾਂ ਖਾਸ ਤੌਰ ‘ਤੇ ਐਨਡੀਪੀਐਸ, ਯੂਏਪੀਏ, ਆਰਮਜ ਐਕਟ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਤੋਂ ਇਲਾਵਾ ਮਾਲੇਰਕੋਟਲਾ, ਲੁਧਿਆਣਾ ਅਤੇ ਮਾਨਸਾ ਵਿਖੇ ਹੋਣ ਵਾਲੇ ਸੀਏਏ/ਐਨਆਰਸੀ/ਐਨਪੀਆਰ ਦੇ ਵਿਰੋਧ ਪ੍ਰਦਰਸਨਾਂ ਦੌਰਾਨ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਵਰਗੇ ਹੋਰ ਸੁਰੱਖਿਆ ਉਪਾਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।

ਡੀਜੀਪੀ ਨੇ ਪੁਲਿਸ ਕਮਿਸਨਰਾਂ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੂੰ ਵੀ ਨਿਰਦੇਸ ਦਿੱਤੇ ਕਿ ਉਹ ਪੁਲਿਸ ਕਰਮਚਾਰੀਆਂ ਨੂੰ ਬੇਲੋੜੀਆਂ ਡਿਊਟੀਆਂ ਤੋਂ ਹਟਾਉਣ ਅਤੇ ਪੁਲਿਸ ਦੀ ਕਾਰਜਕੁਸਲਤਾ ਨੂੰ ਦਿਨ ਪ੍ਰਤੀ ਵਧਾਉਣ ਲਈ ਕਾਰਜਸੀਲ ਡਿਊਟੀਆਂ ‘ਤੇ ਤਾਇਨਾਤ ਕਰਨ ਲਈ ਇਕ ਵਿਸਾਲ ਮੈਨਪਾਵਰ ਆਡਿਟ ਕਰਵਾਉਣ। ਡੀਜੀਪੀ ਨੇ ਉਨ੍ਹਾਂ ਨੂੰ ਅਪਰਾਧਾਂ ਦਾ ਤੁਰੰਤ ਪਤਾ ਲਗਾਉਣ ਅਤੇ ਰੋਕਥਾਮ ਲਈ ਪੁਲਿਸ ਦੇ ਵੱਖ ਵੱਖ ਡਾਟਾਬੇਸਾਂ ਜਿਵੇਂ ਕਿ ਸੀ.ਸੀ.ਟੀ.ਐੱਨ.ਐੱਸ., ਸਾਂਝ, ਪੀ.ਏ.ਆਈ.ਐੱਸ. ਆਦਿ ਤੋਂ ਅੰਕੜੇ ਇਕੱਠੇ ਕਰਨ ਲਈ ਕਿਹਾ।

ਇਸ ਦੌਰਾਨ ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਨੇ ਘਟਨਾ ਸਥਾਨ ਦਾ ਮੁਆਇਨਾ ਕਰਨ ਲਈ ਧਾਰੀਵਾਲ ਦਾ ਦੌਰਾ ਕੀਤਾ ਜਿੱਥੇ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅਸੋਕ ਕੁਮਾਰ ਅਤੇ ਹਨੀ ਮਹਾਜਨ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਮੌਕੇ ਸ੍ਰੀ ਢੋਕੇ ਦੇ ਨਾਲ ਐਸਐਸਪੀ ਗੁਰਦਾਸਪੁਰ ਸਵਰਨਦੀਪ ਸਿੰਘ, ਏਆਈਜੀ (ਸੀਆਈ) ਅੰਮ੍ਰਿਤਸਰ ਕੇਤਨ ਪਾਟਿਲ, ਏਆਈਜੀ (ਐਸਐਸਓਸੀ) ਸੁਖਮਿੰਦਰ ਮਾਨ ਵੀ ਮੌਜੂਦ ਸਨ। ਇਸ ਤੋਂ ਬਾਅਦ ਉਹਨਾਂ ਅੰਮ੍ਰਿਤਸਰ ਵਿਖੇ ਆਈਜੀਪੀ ਬਾਰਡਰ ਅਤੇ ਸਰਹੱਦੀ ਜਿਲ੍ਹਿਆਂ ਦੇ ਹੋਰ ਐਸਐਸਪੀਜ਼ ਨਾਲ ਵੀ ਮੁਲਾਕਾਤ ਕੀਤੀ, ਜਿਥੇ ਉਹਨਾਂ ਧਾਰੀਵਾਲ ਕਾਂਡ ਵਿੱਚ ਹੋਏ ਹਮਲੇ ਦੀ ਜਾਂਚ ਦੀ ਸਥਿਤੀ ਦੇ ਨਾਲ ਨਾਲ ਚੱਲ ਰਹੇ ਸੀਟੀ ਅਪਰੇਸਨਾਂ ਦਾ ਵੀ ਜਾਇਜਾ ਲਿਆ।

ਇਸ ਵੀਡੀਓ ਕਾਨਫਰੰਸ ਵਿੱਚ ਏਡੀਜੀਪੀ ਟੈਕਨੀਕਲ ਸਰਵਿਸਿਸ, ਏਡੀਜੀਪੀ ਸੁਰੱਖਿਆ, ਏਡੀਜੀਪੀ ਕਾਨੂੰਨ ਤੇ ਵਿਵਸਥਾ, ਏਡੀਜੀਪੀ ਇੰਟੈਲੀਜੈਂਸ ਅਤੇ ਆਈਜੀ ਕਾਊਂਟਰ ਇੰਟੈਲੀਜੈਂਸ ਵੀ ਮੌਜੂਦ ਸਨ।