ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਨੇ ਇਕ ਵਿਅਕਤੀ ਵਲੋਂ ਆਰ.ਟੀ.ਆਈ.ਐਕਟ ਅਧੀਨ ਦਾਇਰ 175 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਦੇ ਬੈਂਚ ਕੋਲ ਲੁਧਿਆਣਾ ਦੇ ਡਾਬਾ-ਲੋਹਾਰਾ ਮਾਰਗ ਸਥਿਤ ਮਹਾ ਸਿੰਘ ਨਗਰ ਨਿਵਾਸੀ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ 175 ਮਾਮਲੇ ਅਗਸਤ ਮਹੀਨੇ ਦੀਆਂ ਵੱਖ ਵੱਖ ਤਰੀਕਾਂ ਨੂੰ ਸੁਣਵਾਈ ਲਈ ਲੱਗੇ ਸਨ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਇਨ੍ਹਾਂ ਮਾਮਲਿਆਂ ਦੀ 20 ਅਗਸਤ ਅਤੇ 28 ਅਗਸਤ 2025 ਨੂੰ ਮੁੜ ਸੁਣਵਾਈ ਕੀਤੀ ਗਈ ਤਾਂ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ 175 ਕੇਸਾਂ ਦਾ ਨਿਪਟਾਰਾ ਕਰ ਦਿੱਤਾ
ਗਿਆ ।
ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਇਨ੍ਹਾਂ ਕੇਸਾਂ ਵਿੱਚ ਲਗਾਤਾਰ ਗੈਰਹਾਜ਼ਰੀ ਕਾਰਨ ਕਮਿਸ਼ਨ ਦੇ ਸਮੇਂ ਅਤੇ ਸਰੋਤਾਂ ਦੀ ਕਾਫ਼ੀ ਬਰਬਾਦੀ ਹੋਈ ਹੈ ਅਤੇ ਵਾਰ-ਵਾਰ ਸੁਣਵਾਈਆਂ ਵਿੱਚ ਹਾਜ਼ਰ ਹੋ ਕੇ ਜਵਾਬ ਦਾਇਰ ਕਰਨ ਵਾਲੀਆਂ ਸਰਕਾਰੀ ਅਥਾਰਟੀਆਂ ਦੇ ਅਧਿਕਾਰਤ ਕੰਮਕਾਜ ਵਿੱਚ ਬੇਲੋੜਾ ਵਿਘਨ ਪਿਆ ਹੈ। ਅਜਿਹਾ ਵਤੀਰਾ ਨਾ ਸਿਰਫ਼ ਮੁਕੱਦਮੇਬਾਜ਼ਾਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਲੰਬਿਤ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਸਬੰਧੀ ਕਮਿਸ਼ਨ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦਾ ਹੈ।ਕਮਿਸ਼ਨ ਨੇ ਕਿਹਾ ਹੈ ਕਿ ਲੰਬਿਤ ਮਾਮਲਿਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ, ਫਜ਼ੂਲ, ਵਾਰ-ਵਾਰ ਹੋਣ ਵਾਲੀ ਮੁਕੱਦਮੇਬਾਜ਼ੀ ਲਈ ਜਨਤਕ ਸਰੋਤਾਂ ਦੀ ਵਰਤੋਂ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਇਸ ਲਈ ਮੁਕੱਦਮਾ ਨਾ ਚਲਾਉਣ ਕਾਰਨ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ ਅਪੀਲਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਸਰਬਜੀਤ ਸਿੰਘ ਗਿੱਲ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਚੀਫ਼ ਇਨਫੋਰਮੇਸ਼ਨ ਕਮਿਸ਼ਨਰ ਵੱਲੋਂ 25 ਫਰਵਰੀ 2025 ਨੂੰ ਆਰ.ਟੀ.ਆਈ.ਐਕਟ ਦੀ ਦੁਰਵਰਤੋ ਕਰਨ ਦੇ ਦੋਸ਼ ਵਿਚ ਬਲੈਕਲਿਸਟ ਕੀਤਾ ਗਿਆ ਸੀ।

English






