ਡਵੀਜ਼ਨਲ ਕਮਿਸ਼ਨਰ ਫਿਰੋਜ਼ਪੁਰ ਨੇ ਵਿਧਾਨ ਸਭਾ ਚੋਣਾਂ-2022 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਚੋਣ ਅਫ਼ਸਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਜ਼ਿਲ੍ਹੇ ਵਿੱਚ ਸਿਆਸੀ ਪਾਰਟੀਆਂ ਨੂੰ ਨਵੀਆਂ ਵੋਟਾਂ ਬਣਾਉਣ ਤੇ ਵੋਟਰ ਸੂਚੀਆਂ ਵਿੱਚ ਤਰਮੀਮ ਦੇ ਕੰਮ ਵਿਚ ਸਹਿਯੋਗ ਲਈ ਜ਼ਿਲ੍ਹੇ ਦੇ ਹਰੇਕ ਪੋਲਿੰਗ ਸਟੇਸ਼ਨ ‘ਤੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਕਿਹਾ
ਫਿਰੋਜ਼ਪੁਰ, 22 ਨਵੰਬਰ 2021
ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਵਿੱਚ ਤਰਮੀਮ, ਅਕਾਲ ਚਲਾਣਾ ਕਰ ਚੁੱਕੇ ਵੋਟਰਾਂ ਅਤੇ ਤਰਕਪੂਰਨ ਗ਼ਲਤੀਆਂ ਨੂੰ ਵੋਟਰ ਸੂਚੀ ਵਿੱਚੋਂ ਕੱਢਣ ਦੇ ਨਾਲ-ਨਾਲ ਵੋਟਰਾਂ ਨੂੰ ਜਾਗਰੂਕ ਕਰਨ ਸਬੰਧੀ ਚਲਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਅਤੇ ਵਿਧਾਨ ਸਭਾ ਚੋਣਾਂ-2022 ਨੂੰ ਸੁਰੱਖਿਅਤ, ਸੁਤੰਤਰ, ਨਿਰਵਿਘਨ, ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਫਿਰੋਜ਼ਪੁਰ ਦੇ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਵੱਲੋਂ ਜ਼ਿਲ੍ਹੇ ਦੇ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਚੋਣ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦਵਿੰਦਰ ਸਿੰਘ, ਐਸ ਡੀ ਐਮ ਫਿਰੋਜ਼ਪੁਰ ਓਮ ਪ੍ਰਕਾਸ਼, ਐਸ ਡੀ ਐਮ ਜ਼ੀਰਾ ਸੂਬਾ ਸਿੰਘ, ਐਸ ਡੀ ਐਮ ਗੁਰੂਹਰਸਹਾਏ ਬਬਨਦੀਪ ਸਿੰਘ ਵਾਲੀਆ, ਇਲੈਕਸ਼ਨ ਤਹਿਸੀਲਦਾਰ ਚਾਂਦ ਪ੍ਰਕਾਸ਼ ਤੇ ਇਲੈਕਸ਼ਨ ਇੰਚਾਰਜ ਸ਼ਹਿਰੀ ਸੰਦੀਪ ਕੁਮਾਰ ਹਾਜ਼ਰ ਸਨ।
ਹੋਰ ਪੜ੍ਹੋ :-ਸੂਬਾ ਸਰਕਾਰ, ਸਰਕਾਰੀ ਸਕੂਲਾਂ ਵਿਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਾਂਝੇ ਰਹਿ ਗਏ ਸਾਰੇ ਲੜਕਿਆਂ ਨੂੰ ਵੀ ਮੁਫਤ ਵਰਦੀ ਮੁਹੱਈਆ ਕਰਵਾਏਗੀ
ਬੈਠਕ ਦੌਰਾਨ ਮੌਜੂਦ ਸਮੂਹ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਕਿਹਾ ਕਿ ਜ਼ਰੂਰੀ ਹੈ ਕਿ ਹਰੇਕ ਯੋਗ ਵੋਟਰ, ਵੋਟਰ ਸੂਚੀ ਵਿੱਚ ਸ਼ਾਮਲ ਹੋਵੇ ਅਤੇ ਖਾਸ ਕਰਕੇ ਨਵੇਂ ਵੋਟਰ। ਉਨ੍ਹਾਂ ਕਿਹਾ ਹਰ ਵੋਟਰ ਨੂੰ ਵੋਟਰ ਸੂਚੀ ਦਾ ਹਿੱਸਾ ਬਣਾਉਣ ਲਈ ਹਰ ਪਿੰਡ, ਵਾਰਡ ਅਤੇ ਬੂਥ ਪੱਧਰ ‘ਤੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਨੇ ਸਵੀਪ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਵੋਟਰਾਂ ‘ਚ ਵੋਟਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਹਰੇਕ ਪੋਲਿੰਗ ਸਟੇਸ਼ਨ ਤੇ ਆਪਣੀ ਪਾਰਟੀ ਦੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਵੀ ਕਿਹਾ ਤੇ ਹਲਕੇ ਦੀਆਂ ਵੋਟਰ ਸੂਚੀਆਂ ਵਿਚ ਸੋਧ ਤੇ ਨਵੀਆਂ ਵੋਟਾਂ ਦੀ ਸੂਚੀ ਦਫਤਰ ਨੂੰ ਭੇਜਣ ਲਈ ਕਿਹਾ ਤਾਂ ਜੋ ਬੀ.ਐਲ.ਓ. ਨੂੰ ਸਹਿਯੋਗ ਦਿੱਤਾ ਜਾ ਸਕੇ।
ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਅੱਗੇ ਕਿਹਾ ਕਿ ਨਵ-ਵਿਆਹੁਤਾ ਕੁੜੀਆਂ ਦੀ ਵੋਟ ਅਪਡੇਟ ਕਰਨ ਤੇ 18 ਸਾਲ ਦੇ ਹੋ ਚੁੱਕੇ ਨੋਜਵਾਨਾਂ ਦੀ ਵੋਟ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਬਾਹਰ ਪੜ੍ਹਾਈ ਕਰਨ ਕਾਰਨ ਇੱਥੇ ਵੋਟ ਬਣਵਾਉਣ ਲਈ ਨਹੀਂ ਆ ਸੱਕਦੇ ਉਹ ਆਨਲਾਈਨ ਵਿਧੀ ਰਾਹੀਂ nvsp.in web portal ‘ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਬਣਾਉਣ ਵਿਚ ਪਿੱਛੇ ਰਹਿ ਗਏ ਨਾਗਰਿਕਾਂ ਖਾਸ ਕਰਕੇ ਨਵ-ਵਿਆਹੁਤਾ ਲੜਕੀਆਂ, ਦਿਵਿਆਂਗਜਨਾਂ ਤੇ ਤੀਜੇ ਲਿੰਗ ਵਾਲੇ ਨਾਗਰਿਕਾਂ ਦੀਆਂ ਵੋਟਾਂ ਬਣਾਉਣ ਤੋਂ ਇਲਾਵਾ ਨਾਗਰਿਕਾਂ ਨੂੰ ਵੋਟ ਪਾਉਣ ਦੀ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਹੋਰ ਤੇਜ਼ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹਨਾਂ ਗਤੀਵਿਧੀਆਂ ਚ ਆਪਣਾ ਵਿਸ਼ੇਸ਼ ਯੋਗਦਾਨ ਦੇਣ ਦੀ ਅਪੀਲ ਕੀਤੀ। ਉਹਨਾਂ ਵੋਟਰਾਂ ਨੂੰ ਵੀ ਚੋਣ ਪ੍ਰਕਿਰਿਆ ਨਾਲ ਜੁੜਨ ਲਈ ਵੋਟਰ ਹੈਲਪ ਲਾਈਨ ਐਪ ਨੂੰ ਡਾਊਨਲੋਡ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਕੁਝ ਬੀ ਐਲ ਓਜ਼ ਵੱਲੋਂ ਜੂਆਇਨ ਨਾ ਕਰਨ ਦੀ ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦਿਆਂ ਅਜਿਹੇ ਬੀ ਐਲ ਓਜ਼ ‘ਤੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਇਲੈਕਸ਼ਨ ਤਹਿਸੀਲਦਾਰ ਚਾਂਦ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਫਿਰੋਜ਼ਪੁਰ ਸ਼ਹਿਰੀ/ਦਿਹਾਤੀ, ਜ਼ੀਰਾ ਤੇ ਗੁਰੂਹਰਸਹਾਏ ਨੂੰ ਮਿਲਾ ਕੇ ਕੁਲ 902 ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ਵਿੱਚੋਂ 865 ਪਹਿਲਾਂ ਤੋਂ ਮੌਜੂਦ ਹਨ ਅਤੇ 37 ਪੋਲਿੰਗ ਸਟੇਸ਼ਨ ਨਵੇਂ ਬਣਾਏ ਗਏ ਹਨ।
ਮੀਟਿੰਗ ਵਿੱਚ ਸੁਰਜੀਤ ਸਿੰਘ ਸੇਠੀ, ਕਾਂਗਰਸ, ਗੁਰਚਰਨ ਸਿੰਘ ਨਾਹਰ ਕਾਂਗਰਸ (ਜ਼ੀਰਾ), ਲਖਵਿੰਦਰ ਸਿੰਘ ਜੋੜਾ ਕਾਂਗਰਸ, ਰਣਬੀਰ ਸਿੰਘ ਭੁੱਲਰ ਇੰਚਾਰਜ ਆਮ ਆਦਮੀ ਪਾਰਟੀ, ਇਕਬਾਲ ਸਿੰਘ ਸ਼੍ਰੋਮਣੀ ਅਕਾਲੀ ਦਲ, ਬਲਵਿੰਦਰ ਸਿੰਘ ਮੱਲਵਾਲ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ, ਹੰਸਾ ਸਿੰਘ ਸੀ ਪੀ ਆਈ (ਐਮ) ਅਤੇ ਬੀ.ਜੇ.ਪੀ. ਦੇ ਦਵਿੰਦਰ ਕੁਮਾਰ ਤੇ ਨਵਨੀਤ ਸ਼ਰਮਾ ਹਾਜ਼ਰ ਸਨ।

English






