ਪਿੰਡ ਦੇ ਕਿਸੇ ਵੀ ਕਿਸਾਨ ਨੇ ਨਹੀਂ ਲਾਈ ਪਰਾਲੀ ਨੂੰ ਅੱਗ
ਡਿਪਟੀ ਕਮਿਸ਼ਨਰ ਵੱਲੋਂ ਪਿੰਡ ਦੀ ਪੰਚਾਇਤ ਤੇ ਕਿਸਾਨਾਂ ਦਾ ਸਨਮਾਨ
ਪਿੰਡ ਵਿੱਚ ਜਲਦ ਬਣੇਗਾ ਉੱਚ ਪੱਧਰੀ ਖੇਡ ਮੈਦਾਨ
ਹੋਰਨਾਂ ਕਿਸਾਨਾਂ ਨੂੰ ਪ੍ਰੇਰਨਾ ਲੈਣ ਦੀ ਅਪੀਲ
ਚਮਕੌਰ ਸਾਹਿਬ, 02 ਨਵੰਬਰ :-
ਪੰਜਾਬ ਦਾ ਭਵਿੱਖ ਸੁਰੱਖਿਅਤ ਬਣਾਉਣ ਲਈ ਪੰਜਾਬ ਸਰਕਾਰ ਦਿਨ ਰਾਤ ਇਕ ਕਰ ਕੇ ਕੰਮ ਕਰ ਰਹੀ ਹੈ ਤੇ ਫਸਲਾਂ ਦੀ ਰਹਿੰਦ ਖੂਹੰਦ ਨੂੰ ਫੂਕਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਹਰ ਉਪਰਾਲਾ ਕਰ ਰਹੀ ਹੈ ਪਰ ਇਸ ਸਬੰਧੀ ਪੂਰਨ ਕਾਮਯਾਬੀ ਕਿਸਾਨਾਂ ਦੇ ਸਹਿਯੋਗ ਨਾਲ ਹੀ ਮਿਲ ਸਕਦੀ ਹੈ ਤੇ ਪੰਜਾਬ ਸਰਕਾਰ ਨੂੰ ਪੂਰਨ ਸਹਿਯੋਗ ਦਿੰਦੇ ਹੋਏ ਪਿੰਡ ਕਤਲੌਰ ਦੇ ਕਿਸੇ ਵੀ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਈ, ਜਿਸ ਸਦਕਾ ਇਹ ਪਿੰਡ ਤੇ ਇਸ ਪਿੰਡ ਦੀ ਪੰਚਾਇਤ ਤੇ ਕਿਸਾਨ ਸਭਨਾਂ ਲਈ ਮਿਸਾਲ ਬਣ ਗਏ ਹਨ। ਇਹਨਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।
ਇਹ ਗੱਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿੰਡ ਕਤਲੌਰ ਵਿਖੇ ਪਿੰਡ ਦੀ ਪੰਚਾਇਤ ਤੇ ਕਿਸਾਨਾਂ ਨੂੰ ਸਨਮਾਨਤ ਕਰਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪਿੰਡ ਨੇ ਮਿਸਾਲ ਕਾਇਮ ਕੀਤੀ ਹੈ ਤੇ ਆਸ ਹੈ ਕਿ ਹਰ ਪਿੰਡ ਪਰਾਲੀ ਨਾ ਸਾੜ ਕੇ ਅਹਿਜੀ ਮਿਸਾਲ ਕਾਇਮ ਕਰੇਗਾ। ਕਿਸਾਨਾਂ ਤੇ ਪੰਚਾਇਤ ਨੇ ਵੱਡੀ ਹਿੰਮਤ ਕੀਤੀ ਹੈ ਤੇ ਇਹ ਸੁਨੇਹਾ ਹੋਰ ਅੱਗੇ ਪਿੰਡਾਂ ਵਿਚ ਪੁੱਜਦਾ ਕੀਤਾ ਜਾਵੇ ਕਿ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਪਰਾਲੀ ਨਾ ਸਾੜੀ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਦੇ ਪਰਬੰਧਨ ਸਬੰਧੀ ਪ੍ਰਸ਼ਾਸਨ ਨੇ ਵੱਧ ਤੋਂ ਵੱਧ ਮਸ਼ੀਨਾਂ ਕਿਸਾਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਦਿੱਕਤ ਦਰਪੇਸ਼ ਨਾ ਆਵੇ। ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਬਹੁਤ ਸਹਿਯੋਗ ਦਿੱਤਾ ਹੈ ਤੇ ਪੰਜਾਬ ਵਿੱਚੋਂ ਸਭ ਤੋਂ ਘੱਟ ਮਾਮਲੇ ਜ਼ਿਲ੍ਹਾ ਰੂਪਨਗਰ ਵਿੱਚ ਸਾਹਮਣੇ ਆਏ ਹਨ।
ਪਿੰਡ ਵਾਸੀਆਂ ਨੇ ਪਿੰਡ ਸਬੰਧੀ ਮੁਸ਼ਕਲਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀਆਂ, ਜਿਨ੍ਹਾਂ ਦੇ ਹੱਲ ਦਾ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ।
ਪੰਚਾਇਤ ਨੇ ਖੇਡ ਮੈਦਾਨ ਦੀ ਮੰਗ ਕੀਤੀ ਤੇ ਡਿਪਟੀ ਕਮਿਸ਼ਨਰ ਨੇ ਉੱਚ ਪੱਧਰੀ ਮੈਦਾਨ ਜਲਦ ਤਿਆਰ ਕਰਵਾਉਣ ਦਾ ਭਰੋਸਾ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਬੀਜ ਸਬੰਧੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਬਸਿਡੀ ਵਾਲਾ ਬੀਜ ਕਿਸਾਨਾਂ ਨੂੰ ਮਿਲ ਜਾਵੇਗਾ।
ਇਸ ਮੌਕੇ ਪੰਚਾਇਤ ਵੱਲੋਂ ਡਿਪਟੀ ਕਮਿਸ਼ਨਰ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਐਸ ਡੀ ਐਮ ਸ੍ਰੀ ਚਮਕੌਰ ਸਾਹਿਬ, ਅਮਰੀਕ ਸਿੰਘ ਸਿੱਧੂ, ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਕਮਲਜੀਤ ਕੌਰ, ਮੁੱਖ ਖੇਤੀਬਾੜੀ ਅਫਸਰ ਹਰਵਿੰਦਰ ਲਾਲ ਚੋਪੜਾ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

English






