ਫਿਰੋਜ਼ਪੁਰ, 17 ਨਵੰਬਰ :-
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ: ਰਾਜਿੰਦਰਪਾਲ ਦੀ ਅਗਵਾਈ ਹੇਠ ਵੱਖ-ਵੱਖ ਸਿਹਤ ਗਤੀਵਿਧੀਆਂ ਤਹਿਤ ਜ਼ਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਸਰਕਾਰੀ ਹਿਦਾਇਤਾਂ ਅਨੁਸਾਰ ਵਿਸ਼ਵ ਪੱਧਰ ‘ਤੇ ਆਯੋਜਿਤ ਕੀਤੇ ਜਾਣ ਵਾਲੇ ਸਰਵਾਈਕਲ ਕੈਂਸਰ ਉਨਮੂਲਣ ਦਿਹਾੜੇ ‘ਤੇ ਇੱਕ ਜਾਗਰੂਕਤਾ ਗਤੀਵਿਧੀ ਆਯੋਜਿਤ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਡਾ:ਰਾਜਿੰਦਰ ਪਾਲ ਨੇ ਸੰਸਥਾ ਦੇ ਸਟਾਫ ਨੂੰ ਸਰਵਾਈਕਲ ਕੈਂਸਰ ਦੇ ਖਾਤਮੇ ਸਬੰਧੀ ਸੰਹੁ ਚੁਕਾਈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸਰਵਾਈਕਲ ਕੈਂਸਰ ਅਰਥਾਤ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਦੀ ਸਮੇਂ ਸਿਰ ਪਛਾਣ ਕਰਵਾਕੇ ਢੁਕਵੇਂ ਇਲਾਜ ਰਾਹੀਂ ਇਕ ਕੀਮਤੀ ਜਾਣ ਬਚਾਈ ਜਾ ਸਕਦੀ ਹੈ। ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਸੰਭਾਵਿਤ ਲੱਛਣਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਅਨਿਯਮਤ ਮਾਹਵਾਰੀ, ਸੰਭੋਗ ਉਪਰੰਤ ਖੂਣ ਪੈਣਾ, ਬਦਬੂਦਾਰ ਡਿਸਚਾਰਜ, ਪੇਡੂ ਵਿੱਚ ਦਰਦ ਰਹਿਣਾ ਇਸ ਰੋਗ ਦੇ ਲੱਛਣ ਹੋ ਸਕਦੇ ਹਨ। ਅਜਿਹੇ ਲੱਛਣ ਹੋਣ ਤੇ ਔਰਤਾਂ ਨੂੰ ਆਪਣੇ ਨੇੜੇ ਦੇ ਜੱਚਾ ਬੱਚਾ ਮਾਹਿਰ ਡਾਕਟਰ ਦਾ ਮਸ਼ਵਰਾ ਲੈਣਾ ਚਾਹੀਦਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਸਰਵਾਈਕਲ ਕੈਂਸਰ ਦੀ ਮੁਫਤ ਸਕਰੀਨਿੰਗ ਉਪਲੱਬਧ ਹੈ।
ਇਸ ਅਵਸਰ ‘ਤੇ ਸੀਨੀਅਰ ਮੈਡੀਕਲ ਅਫਸਰ ਡਾ. ਵਨੀਤਾ ਭੁੱਲਰ, ਜੱਚਾ ਬੱਚਾ ਰੋਗ ਮਾਹਿਰ ਡਾ. ਪੂਜਾ, ਡਾ. ਰਿੱਚਾ ਧਵਨ, ਐਨ.ਪੀ.ਸੀ.ਡੀ.ਸੀ.ਐਸ. ਕੰਨਸਲਟੈਂਟ ਡਾ. ਸੋਨੀਆ ਚੌਧਰੀ, ਮਾਸ ਮੀਡੀਆ ਅਫਸਰ ਰੰਜੀਵ ਅਤੇ ਬੀ.ਸੀ.ਸੀ. ਕੋਆਰਡੀਨੇਟਰ ਰਜਨੀਕ ਕੌਰ ਆਦਿ ਹਾਜ਼ਰ ਸਨ।

English






